Dailyhunt Logo
  • Light mode
    Follow system
    Dark mode
    • Play Story
    • App Story

Weather: ਦੇਸ਼ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਪੇਸ਼ੀਨਗੋਈ

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਹੈ ਕਿ ਦੇਸ਼ ਵਿੱਚ ਜੂਨ ਤੋਂ ਸਤੰਬਰ ਦਰਮਿਆਨ ਔਸਤਨ 90 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਉੱਤਰ-ਪੂਰਬੀ ਭਾਰਤ ਵਿੱਚ ਆਮ ਵਾਂਗ ਮੀਂਹ ਪੈ ਸਕਦੇ ਹਨ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਸ਼ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੈ ਮੋਹਪਾਤਰਾ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਖੇਤਰਾਂ ਵਿੱਚ ਮੌਨਸੂਨ ਦੇ ਮੀਂਹ ਆਮ ਨਾਲੋਂ ਘੱਟ (ਲੰਮੇ ਸਮੇਂ ਦੀ ਔਸਤ ਦੇ ਆਧਾਰ 'ਤੇ 94 ਫ਼ੀਸਦੀ ਤੋਂ ਘੱਟ) ਰਹਿਣ ਦੀ ਸੰਭਾਵਨਾ ਹੈ।

ਜੂਨ ਮਹੀਨੇ ਦੌਰਾਨ ਵੀ ਦੇਸ਼ ਭਰ ਵਿੱਚ ਮੀਂਹ ਆਮ ਨਾਲੋਂ ਘੱਟ (92 ਫ਼ੀਸਦੀ ਤੋਂ ਘੱਟ) ਰਹਿ ਸਕਦੇ ਹਨ। ਕੇਰਲਾ ਵਿੱਚ ਅਗਲੇ ਸੱਤ ਦਿਨਾਂ ਵਿੱਚ ਮੌਨਸੂਨ ਦਸਤਕ ਦੇ ਸਕਦਾ ਹੈ, ਜਿੱਥੇ ਆਮ ਤੌਰ 'ਤੇ ਇਹ ਪਹਿਲੀ ਜੂਨ ਨੂੰ ਪਹੁੰਚਦਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ 'ਅਲ ਨੀਨੋ' ਵਰਗੇ ਹਾਲਾਤ ਬਣ ਰਹੇ ਹਨ ਜਿਸ ਕਾਰਨ ਮੁਲਕ ਵਿੱਚ ਘੱਟ ਮੀਂਹ ਪੈ ਸਕਦੇ ਹਨ।
ਜੂਨ ਮਹੀਨੇ ਵਿੱਚ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ, ਉੜੀਸਾ, ਛੱਤੀਸਗੜ੍ਹ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਆਮ ਨਾਲੋਂ ਵੱਧ ਦਿਨਾਂ ਤੱਕ ਲੂ ਚੱਲਣ ਦੀ ਸੰਭਾਵਨਾ ਹੈ।

ਪੇਸ਼ੀਨਗੋਈ ਕਾਰਨ ਸ਼ੇਅਰ ਬਾਜ਼ਾਰ ਡਿੱਗਿਆ

ਮੁੰਬਈ: ਮੌਨਸੂਨ ਦੇ ਕਮਜ਼ੋਰ ਰਹਿਣ ਦੀ ਪੇਸ਼ੀਨਗੋਈ ਅਤੇ ਅਮਰੀਕਾ-ਇਰਾਨ ਜੰਗਬੰਦੀ ਸਬੰਧੀ ਬਣੇ ਬੇਯਕੀਨੀ ਦੇ ਮਾਹੌਲ ਦਰਮਿਆਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 'ਚ ਬਾਜ਼ਾਰ ਬੰਦ ਹੋਣ ਤੋਂ ਕੁਝ ਮਿੰਟ ਪਹਿਲਾਂ ਅਚਾਨਕ ਹੀ ਵੇਚ-ਵੱਟ ਵਧੀ ਅਤੇ ਇਹ 1,092.06 ਅੰਕ ਟੁੱਟ ਕੇ 74,775.74 'ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ 'ਚ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ।

Dailyhunt
Disclaimer: This content has not been generated, created or edited by Dailyhunt. Publisher: Punjabi Tribune