ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 28-29 ਮਈ ਦੀ ਦਰਮਿਆਨੀ ਰਾਤ ਨੂੰ ਪਏ ਦਰਮਿਆਨੇ ਮੀਂਹ ਅਤੇ ਹੋਈ ਗੜੇਮਾਰੀ ਨੇ ਜਿੱਥੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਇਸ ਨਾਲ ਪਾਵਰਕੌਮ ਨੂੰ ਵੀ ਕੁਝ ਰਾਹਤ ਮਿਲੀ ਹੈ। ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵਿੱਚ 2,829 ਮੈਗਾਵਾਟ ਦਾ ਨਿਘਾਰ ਆਇਆ ਹੈ। ਗਰਮੀ ਦੇ ਪੂਰੇ ਸੀਜ਼ਨ ਦੌਰਾਨ ਆਮ ਤੌਰ 'ਤੇ ਸਪਲਾਈ ਨਾਲੋਂ ਮੰਗ ਜ਼ਿਆਦਾ ਰਹਿੰਦੀ ਹੈ, ਜਿਸ ਕਰ ਕੇ ਭਾਵੇਂ ਥੋੜ੍ਹੇ ਸਮੇਂ ਲਈ ਪਰ ਲੋੜ ਪੈਣ 'ਤੇ ਪਾਵਰਕੌਮ ਨੂੰ ਬਿਜਲੀ ਕੱਟ ਲਾਉਣੇ ਪੈਂਦੇ ਹਨ।
ਹਾਲਾਂਕਿ, ਲੰਘੀ ਰਾਤ ਝੱਖੜ ਕਾਰਨ ਕਈ ਥਾਈਂ ਬਿਜਲੀ ਦੇ ਖੰਭਿਆਂ, ਤਾਰਾਂ ਤੇ ਕਈ ਥਾਈਂ ਟਰਾਂਸਫਾਰਮਰਾਂ ਦਾ ਨੁਕਸਾਨ ਹੋਣ ਦੀਆਂ ਖਬਰਾਂ ਮਿਲੀਆਂ ਹਨ ਪਰ ਇਸ ਦੇ ਬਾਵਜੂਦ ਬਿਜਲੀ ਦੀ ਮੰਗ ਘਟੀ ਹੈ।
ਜ਼ਿਕਰਯੋਗ ਹੈ ਕਿ ਗਰਮੀ ਦੇ ਇਸ ਸੀਜ਼ਨ ਦੌਰਾਨ ਬਿਜਲੀ ਦੀ ਮੰਗ 14,000 ਮੈਗਾਵਾਟ ਨੂੰ ਵੀ ਪਾਰ ਕਰ ਗਈ ਸੀ। 25 ਮਈ ਨੂੰ ਬਿਜਲੀ ਦੀ ਮੰਗ 14,330 ਮੈਗਾਵਾਟ ਸੀ। ਉਂਜ, 26 ਮਈ ਨੂੰ ਇਹ 13,985, 27 ਮਈ ਨੂੰ 13,845 ਜਦਕਿ 28 ਮਈ ਨੂੰ ਇਹ ਮੰਗ 13,829 ਮੈਗਾਵਾਟ ਰਹੀ ਸੀ। ਲੰਘੀ ਰਾਤ ਪਏ ਮੀਂਹ ਨੇ ਇਸ ਮੰਗ ਨੂੰ 13,000 ਮੈਗਾਵਾਟ 'ਤੇ ਲਿਆਂਦਾ ਹੈ। ਅੱਜ ਦੇਰ ਸ਼ਾਮ 8.15 ਕੁ ਵਜੇ ਤਾਂ ਬਿਜਲੀ ਦੀ ਮੰਗ ਘਟ ਕੇ 11,000 ਮੈਗਵਾਟ ਤੱਕ ਪਹੁੰਚ ਗਈ ਸੀ। ਇਸ ਲਿਹਾਜ਼ ਨਾਲ ਕੱਲ੍ਹ ਦੇ ਮੁਕਾਬਲੇ ਬਿਜਲੀ ਦੀ ਮੰਗ ਵਿੱਚ 2,829 ਮੈਗਾਵਾਟ ਤੱਕ ਦਾ ਨਿਘਾਰ ਦਰਜ ਕੀਤਾ ਗਿਆ।
ਪਾਵਰਕੌਮ ਦੇ ਤਰਜਮਾਨ ਗੋਪਾਲ ਸ਼ਰਮਾ ਨੇ ਕਿਹਾ ਕਿ ਝੱਖੜ ਨਾਲ ਹੋਏ ਨੁਕਸਾਨ ਦੇ ਵੇਰਵੇ ਦੋ ਕੁ ਦਿਨਾਂ ਤੱਕ ਮਿਲ ਸਕਣਗੇ। ਉਂਝ, ਨੁਕਸਾਨ ਦੇ ਬਾਵਜੂਦ ਅਦਾਰੇ ਵੱਲੋਂ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਅਦਾਰੇ ਦੇ ਮੁਲਾਜ਼ਮਾਂ ਨੇ ਰਾਤੋ-ਰਾਤ ਤਕਰੀਬਨ ਸਾਰੀਆਂ ਹੀ ਥਾਵਾਂ 'ਤੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਸੀ।
