ਪੁਲੀਸ ਨੇ ਰੂਪਨਗਰ ਦੇ ਯੂ-ਟਿਊਬਰ 'ਤੇ ਉਸ ਦੇ ਸਾਥੀ ਵਿਰੁੱਧ ਸੜਕ ਨਿਰਮਾਤਾ ਕੰਪਨੀ ਦੇ ਮਾਲਕਾਂ ਨੂੰ ਕਥਿਤ ਬਲੈਕਮੇਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸੜਕ ਨਿਰਮਾਤਾ ਕੰੰਪਨੀ ਮੈਸ. ਪ੍ਰੇਮ ਕੁਮਾਰ ਬਾਂਸਲ ਪ੍ਰਾਜੈਕਟਸ ਐੱਲ ਐੱਲ ਪੀ ਦੇ ਪਾਰਟਨਰ ਅਸ਼ੋਕ ਕੁਮਾਰ ਬਾਂਸਲ ਨੇ ਦੱੱਸਿਆ ਕਿ ਉਨ੍ਹਾਂ ਦੀ ਫਰਮ ਨੂੰ ਆਈ ਟੀ ਚੌਕ ਤੋਂ ਕੁਰਾਲੀ ਬਾਈਪਾਸ ਰਿੰਗ ਰੋਡ ਦੀ ਉਸਾਰੀ ਦਾ ਕੰਮ ਮਿਲਿਆ ਹੋਇਆ ਹੈ।
ਯੂ-ਟਿਊਬਰ ਕਮਲਜੀਤ ਸਿੰਘ ਜੋ ਖ਼ੁਦ ਨੂੰ ਆਰ ਟੀ ਵੀ ਵਨ ਚੈਨਲ ਦਾ ਪੱੱਤਰਕਾਰ ਦੱਸਦਾ ਸੀ, ਆਪਣੇ ਸਾਥੀ ਸੁਮੀਤ ਸਿੰੰਗਲਾ ਨਾਲ ਮਿਲ ਕੇ ਉਨ੍ਹਾਂ ਦੀਆਂ ਝੂਠੀਆਂ ਸ਼ਿਕਾਇਤਾਂ ਕਰ ਕੇ ਤੇ ਆਪਣੇ ਚੈਨਲ 'ਤੇ ਫਰਜ਼ੀ ਖ਼ਬਰ ਚਲਾਉਣ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ਸਬੰਧੀ ਕਾਰਨ ਪੁੱਛਣ 'ਤੇ ਉਕਤ ਪੱਤਰਕਾਰ ਨੇ ਕਿਹਾ ਕਿ ਸ਼ਿਕਾਇਤਾਂ ਵਾਪਸ ਲੈਣ ਬਦਲੇ ਇੱਕ ਵਿਅਕਤੀ ਉਨ੍ਹਾਂ ਨੂੰ ਮਿਲ ਕੇ ਮੰਗ ਦੱਸ ਦੇਵੇਗਾ। ਇਸ ਉਪਰੰਤ ਸੁਮੀਤ ਸਿੰਗਲਾ ਜੋ ਕਿ ਪਹਿਲਾਂ ਉਨ੍ਹਾਂ ਦੀ ਫਰਮ ਕੋਲ ਮਿੱਟੀ ਪਾਉਣ ਦਾ ਕੰਮ ਕਰਦਾ ਸੀ, ਨੇ ਅਗਲੇ ਦਿਨ ਕਿਸੇ ਹੋਰ ਠੇਕੇਦਾਰ ਦੇ ਮੋਬਾਈਲ ਰਾਹੀਂ ਉਨ੍ਹਾਂ ਦੇ ਭਰਾ ਮਨਦੀਪ ਕੁਮਾਰ ਬਾਂਸਲ ਦੇ ਵਟਸਐਪ ਤੇ 1 ਕਰੋੜ 20 ਲੱਖ ਰੁਪਏ ਦਾ ਹਿਸਾਬ ਬਣਾ ਕੇ ਭੇਜ ਦਿੱਤਾ ਜਦਕਿ ਉਸ ਦਾ ਲੈਣ-ਦੇਣ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ। ਉਨ੍ਹਾਂ ਨੇ ਸੁਮੀਤ ਸਿੰਗਲਾ ਦੀ ਕਮਲਜੀਤ ਸਿੰੰਘ ਮਿਲੀਭੁਗਤ ਦਾ ਸ਼ੱਕ ਹੋਣ 'ਤੇ ਪੁਲੀਸ ਨੂੰ ਸ਼ਿਕਾਇਤ ਕੀਤੀ, ਜਿਸ ਉਪਰੰਤ ਪੁਲੀਸ ਨੇ ਦੋਵਾਂ ਦੇ ਖਿਲਾਫ ਕੇਸ ਦਰਜ ਕਰ ਲਿਆ। ਦੂਜੇ ਪਾਸੇ ਸੰਪਰਕ ਕਰਨ 'ਤੇ ਕਮਲਜੀਤ ਸਿੰਘ ਅਤੇ ਸੁਮੀਤ ਸਿੰੰਗਲਾ ਮੋਬਾਈਲ ਫੋਨ ਬੰਦ ਮਿਲੇ। ਆਰ ਟੀ ਵੀ ਵਨ ਚੈਨਲ ਦੇ ਡਾਇਰੈਕਟਰ ਸਮਸ਼ੇਰ ਸਿੰੰਘ ਨੇ ਕਿਹਾ ਕਿ ਕਮਲਜੀਤ ਸਿੰੰਘ ਉਨ੍ਹਾਂ ਦੇ ਚੈਨਲ ਦਾ ਪੱਤਰਕਾਰ ਨਹੀਂ ਹੈ।
