Dailyhunt Logo
  • Light mode
    Follow system
    Dark mode
    • Play Story
    • App Story
ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਲੜਕੀ ਦਾ ਗੋਲੀ ਮਾਰ ਕੇ ਕਤਲ, ਪੰਜਾਬੀ ਮੁੰਡੇ ਨੇ ਇਲਜ਼ਾਮ!

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਲੜਕੀ ਦਾ ਗੋਲੀ ਮਾਰ ਕੇ ਕਤਲ, ਪੰਜਾਬੀ ਮੁੰਡੇ ਨੇ ਇਲਜ਼ਾਮ!

Scroll Punjab 2 weeks ago

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਹੈ। ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਪਿਤਾ ਹਰਭਜਨ ਸਿੰਘ ਅਤੇ ਚਾਚਾ ਬਲਬੀਰ ਸਿੰਘ ਨੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਨਵਨੀਤ ਇਕਤਰਫ਼ਾ ਪਿਆਰ ਕਾਰਨ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਸੀ ਅਤੇ ਇਸ ਸਬੰਧੀ ਪਹਿਲਾਂ ਹੀ ਕੈਨੇਡਾ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।

ਪਰਿਵਾਰ ਅਨੁਸਾਰ ਨਵਨੀਤ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ। ਪੜ੍ਹਾਈ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਅਤੇ ਬਾਅਦ ਵਿੱਚ ਸਥਾਈ ਨਿਵਾਸ (PR) ਹਾਸਲ ਕਰਨ ਉਪਰੰਤ ਉਹ ਇੱਕ ਬੈਂਕ ਵਿੱਚ ਨੌਕਰੀ ਕਰ ਰਹੀ ਸੀ। ਕਰੀਬ ਇੱਕ ਮਹੀਨਾ ਪਹਿਲਾਂ ਉਹ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ। 27 ਜੂਨ ਨੂੰ ਉਸ ਨੇ ਅੰਮ੍ਰਿਤ ਛਕਿਆ ਅਤੇ 29 ਜੂਨ ਨੂੰ ਮੁੜ ਕੈਨੇਡਾ ਪਰਤ ਗਈ।

ਪਰਿਵਾਰ ਦਾ ਦਾਅਵਾ ਹੈ ਕਿ ਕੋਟਕਪੂਰਾ ਨਾਲ ਸਬੰਧਤ ਸ਼ਰਨਜੀਤ ਨਾਮਕ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਨਵਨੀਤ ਨੂੰ ਤੰਗ ਕਰ ਰਿਹਾ ਸੀ। ਉਹ ਲਗਾਤਾਰ ਫੋਨ ਕਰਦਾ, ਪਿੱਛਾ ਕਰਦਾ ਅਤੇ ਬੈਂਕ ਤੱਕ ਪਹੁੰਚ ਜਾਂਦਾ ਸੀ। ਇਸ ਤੋਂ ਬਾਅਦ ਨਵਨੀਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਾਮਲਾ ਅਦਾਲਤ ਤੱਕ ਪਹੁੰਚਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਨਵਨੀਤ ਨੇ ਆਪਣਾ ਮੋਬਾਈਲ ਨੰਬਰ ਅਤੇ ਰਹਿਣ ਦੀ ਥਾਂ ਵੀ ਬਦਲ ਲਈ ਸੀ, ਪਰ ਇਸ ਦੇ ਬਾਵਜੂਦ ਮੁਲਜ਼ਮ ਉਸ ਤੱਕ ਪਹੁੰਚ ਗਿਆ।

ਚਾਚਾ ਬਲਬੀਰ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਦੇ ਪਰਿਵਾਰ ਨਾਲ ਵੀ ਉਨ੍ਹਾਂ ਨੇ ਕਈ ਵਾਰ ਸੰਪਰਕ ਕੀਤਾ ਸੀ। ਉਸ ਦੀ ਪਤਨੀ ਅਤੇ ਭਰਾ ਨੇ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਨਵਨੀਤ ਨੂੰ ਤੰਗ ਨਹੀਂ ਕਰਨ ਦੇਣਗੇ। ਇਸ ਦੇ ਬਾਵਜੂਦ ਮੁਲਜ਼ਮ ਨੇ ਕਥਿਤ ਤੌਰ 'ਤੇ ਧਮਕੀਆਂ ਦੇਣੀਆਂ ਜਾਰੀ ਰੱਖੀਆਂ ਅਤੇ ਨਵਨੀਤ ਸਮੇਤ ਉਸ ਦੇ ਪੂਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਦਾ ਰਿਹਾ।

ਘਟਨਾ ਵਾਲੇ ਦਿਨ ਸਵੇਰੇ ਕਰੀਬ 7:30 ਵਜੇ ਨਵਨੀਤ ਬੈਂਕ ਜਾਣ ਲਈ ਬੱਸ ਸਟਾਪ 'ਤੇ ਖੜ੍ਹੀ ਸੀ ਅਤੇ ਆਪਣੇ ਭਰਾ ਨਾਲ ਵੀਡੀਓ ਕਾਲ 'ਤੇ ਗੱਲ ਕਰ ਰਹੀ ਸੀ। ਪਰਿਵਾਰ ਅਨੁਸਾਰ ਉਸ ਨੇ ਕਾਲ ਦੌਰਾਨ ਕਿਹਾ, "ਸ਼ਰਨ ਆ ਗਿਆ ਹੈ" ਅਤੇ ਉਸ ਨੂੰ ਪੁੱਛਿਆ ਕਿ ਉਹ ਇੱਥੇ ਕਿਉਂ ਆਇਆ ਹੈ। ਇੰਨੀ ਗੱਲ ਹੋਣ ਤੋਂ ਕੁਝ ਪਲਾਂ ਬਾਅਦ ਫੋਨ ਅਚਾਨਕ ਕੱਟਿਆ ਗਿਆ ਅਤੇ ਸੰਪਰਕ ਟੁੱਟ ਗਿਆ। ਬਾਅਦ ਵਿੱਚ ਪਰਿਵਾਰ ਨੂੰ ਉਸ ਦੇ ਕਤਲ ਦੀ ਸੂਚਨਾ ਮਿਲੀ।

ਪਰਿਵਾਰ ਨੇ ਦੋਸ਼ ਲਗਾਇਆ ਕਿ ਜਦੋਂ ਪਹਿਲਾਂ ਹੀ ਪੁਲਿਸ ਰਿਪੋਰਟ ਦਰਜ ਸੀ ਅਤੇ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਤਾਂ ਮੁਲਜ਼ਮ ਖੁੱਲ੍ਹੇਆਮ ਕਿਵੇਂ ਘੁੰਮ ਰਿਹਾ ਸੀ ਅਤੇ ਉਸ ਕੋਲ ਹਥਿਆਰ ਕਿੱਥੋਂ ਆਇਆ। ਉਨ੍ਹਾਂ ਨੇ ਕੈਨੇਡਾ ਸਰਕਾਰ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ, ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਅਤੇ ਭਾਰਤ ਸਰਕਾਰ ਤੋਂ ਨਵਨੀਤ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਦਖ਼ਲ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਆਪਣੇ ਲਈ ਸੁਰੱਖਿਆ ਦੀ ਵੀ ਮੰਗ ਕੀਤੀ ਹੈ, ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੀ ਪਹਿਲਾਂ ਧਮਕੀਆਂ ਮਿਲ ਚੁੱਕੀਆਂ ਹਨ।

Dailyhunt
Disclaimer: This content has not been generated, created or edited by Dailyhunt. Publisher: Scroll Punjab