Dailyhunt Logo
  • Light mode
    Follow system
    Dark mode
    • Play Story
    • App Story
ਖੰਨਾ ਦੇ ਹੋਟਲ 'ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ 'ਚ ਲੱਗੀ ਗੋਲੀ

ਖੰਨਾ ਦੇ ਹੋਟਲ 'ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ 'ਚ ਲੱਗੀ ਗੋਲੀ

Scroll Punjab 1 week ago

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ ਨੌਜਵਾਨ ਅਤੇ ਮਹਿਲਾ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਇੱਕ ਪਿਸਤੌਲ ਵੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਤੜਕੇ ਹੀ ਹੋਟਲ ਪਹੁੰਚੇ ਸਨ ਅਤੇ ਉੱਥੇ ਰੂਮ ਬੁੱਕ ਕੀਤਾ ਸੀ।

ਕਾਫ਼ੀ ਦੇਰ ਤੱਕ ਕਮਰੇ ਦੇ ਅੰਦਰੋਂ ਕੋਈ ਹਲਚਲ ਨਾ ਹੁੰਦੀ ਦੇਖ ਕੇ ਹੋਟਲ ਸਟਾਫ਼ ਨੂੰ ਸ਼ੱਕ ਹੋਇਆ। ਜਦੋਂ ਸਟਾਫ਼ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਹੋਟਲ ਪ੍ਰਬੰਧਕਾਂ ਵੱਲੋਂ ਦਰਵਾਜ਼ਾ ਤੋੜਿਆ ਗਿਆ, ਜਿਸ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਅੰਦਰ ਦੋਵਾਂ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ।

ਸ਼ੁਰੂਆਤੀ ਜਾਂਚ

ਪੁਲਿਸ ਦੀ ਮੁਢਲੀ ਜਾਂਚ ਦੇ ਅਨੁਸਾਰ, ਮਹਿਲਾ ਅਤੇ ਨੌਜਵਾਨ ਦੋਵੇਂ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸਨ। ਮਹਿਲਾ ਦੇ ਦੋ ਬੱਚੇ ਹਨ, ਜਦੋਂ ਕਿ ਨੌਜਵਾਨ ਦਾ ਵੀ ਇੱਕ ਬੱਚਾ ਹੈ। ਇਹ ਦੋਵੇਂ ਆਪਸ ਵਿੱਚ ਦੂਰ ਦੇ ਰਿਸ਼ਤੇਦਾਰ ਵੀ ਦੱਸੇ ਜਾ ਰਹੇ ਹਨ ਅਤੇ ਦੋਵਾਂ ਵਿਚਾਲੇ ਕਥਿਤ ਤੌਰ 'ਤੇ ਨਜਾਇਜ਼ ਸਬੰਧ ਸਨ।

ਅੰਦਰੂਨੀ ਸੂਤਰਾਂ ਮੁਤਾਬਕ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਪਹਿਲਾਂ ਮਹਿਲਾ ਨੂੰ ਗੋਲੀ ਮਾਰੀ ਅਤੇ ਉਸ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਇਸ ਖ਼ਦਸ਼ੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕਾਂ ਦੀ ਹੋਈ ਪਛਾਣ

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਸੀ। ਉੱਥੇ ਹੀ, ਮ੍ਰਿਤਕ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਦਾ ਨਿਵਾਸੀ ਸੀ। ਜਾਂਚ ਦੌਰਾਨ ਇਹ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਕਿ ਹੋਟਲ ਪ੍ਰਬੰਧਨ ਨੇ ਕਥਿਤ ਤੌਰ 'ਤੇ ਦੋਵਾਂ ਕੋਲੋਂ ਕੋਈ ਵੀ ਪਛਾਣ ਪੱਤਰ (ID Card) ਲਏ ਬਿਨਾਂ ਹੀ ਉਨ੍ਹਾਂ ਨੂੰ ਕਮਰਾ ਦੇ ਦਿੱਤਾ ਸੀ।

ਮਹਿਲਾ ਦੇ ਫ਼ੋਨ ਤੋਂ ਖੁੱਲ੍ਹੇ ਰਾਜ਼

ਪੁਲਿਸ ਨੂੰ ਤਲਾਸ਼ੀ ਦੌਰਾਨ ਮਹਿਲਾ ਦਾ ਮੋਬਾਈਲ ਫ਼ੋਨ ਮਿਲਿਆ ਹੈ, ਜਿਸ ਦੀ ਜਾਂਚ ਤੋਂ ਪਤਾ ਲੱਗਿਆ ਕਿ ਹਰਪ੍ਰੀਤ ਕੌਰ ਦਾ ਵਿਆਹ ਕਰੀਬ 8 ਸਾਲ ਪਹਿਲਾਂ ਤੇਜਿੰਦਰ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਦੂਜੇ ਪਾਸੇ, ਮਨਜੀਤ ਸਿੰਘ ਵੀ ਸ਼ਾਦੀਸ਼ੁਦਾ ਸੀ ਅਤੇ ਉਸਦਾ ਵੀ ਇੱਕ 8 ਸਾਲ ਦਾ ਬੇਟਾ ਹੈ। ਦੋਵੇਂ ਆਪਸ ਵਿੱਚ ਰਿਲੇਸ਼ਨਸ਼ਿਪ ਵਿੱਚ ਸਨ ਅਤੇ ਤੜਕੇ ਕਰੀਬ 3 ਵਜੇ ਹੋਟਲ ਵਿੱਚ ਕਮਰਾ ਲੈਣ ਆਏ ਸਨ।

ਰਿਸ਼ਤੇ ਵਿੱਚ ਭੈਣ ਦੇ ਤਾਏ ਦਾ ਪੁੱਤ ਸੀ ਮਨਜੀਤ

ਡੀ.ਐਸ.ਪੀ. ਮੁਤਾਬਕ ਲੜਕੀ ਦੇ ਮਾਮੇ ਦੀ ਬੇਟੀ ਖੰਨਾ ਵਿੱਚ ਰਹਿੰਦੀ ਹੈ ਅਤੇ ਮਨਜੀਤ ਸਿੰਘ ਉਸ ਦੇ ਤਾਏ ਦਾ ਪੁੱਤਰ ਹੈ। ਇਸੇ ਕਰਕੇ ਮਨਜੀਤ ਸਿੰਘ ਦਾ ਅਕਸਰ ਖੰਨਾ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਦੋਵਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਹੁਣ ਪੁਲਿਸ ਇਸ ਗੰਭੀਰ ਬਿੰਦੂ ਦੀ ਵੀ ਜਾਂਚ ਕਰ ਰਹੀ ਹੈ ਕਿ ਹੋਟਲ ਦੇ ਕਮਰੇ ਦੇ ਅੰਦਰ ਹਥਿਆਰ ਕਿਵੇਂ ਪਹੁੰਚਿਆ।

ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ 9 ਐਮ.ਐਮ. (9mm) ਦੀ ਪਿਸਤੌਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਸਬੂਤ ਜੁਟਾਉਣੇ ਸ਼ੁਰੂ ਕਰ ਦਿੱਤੇ ਹਨ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ 'ਹੋਟਲ ਗ੍ਰੀਨਲੈਂਡ' ਦੇ ਸੀਸੀਟੀਵੀ ਫੁਟੇਜ ਅਤੇ ਹੋਰ ਡਿਜੀਟਲ ਸਬੂਤਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਗੋਲੀ ਚੱਲਣ ਦੇ ਅਸਲ ਕਾਰਨਾਂ ਦੀ ਭਾਲ ਜਾਰੀ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਗ੍ਰੀਨਲੈਂਡ ਦੇ ਕਮਰਾ ਨੰਬਰ 104 ਵਿੱਚ ਦੋ ਲਾਸ਼ਾਂ ਪਈਆਂ ਹਨ। ਜਦੋਂ ਉਹ ਥਾਣਾ ਮੁਖੀ (SHO) ਅਤੇ ਆਪਣੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ, ਤਾਂ ਉੱਥੇ ਇੱਕ 9 ਐਮ.ਐਮ. ਦੀ ਪਿਸਤੌਲ ਬਰਾਮਦ ਹੋਈ।

ਲੜਕੇ ਦੇ ਮੱਥੇ 'ਤੇ ਅਤੇ ਲੜਕੀ ਦੀ ਕਨਪਟੀ 'ਤੇ ਗੋਲੀ ਲੱਗੀ ਹੋਈ ਸੀ। ਕਮਰੇ ਦੀ ਤਲਾਸ਼ੀ ਦੌਰਾਨ ਮਿਲੇ ਫ਼ੋਨ ਦੀ ਮਦਦ ਨਾਲ ਦੋਵਾਂ ਦੀ ਪਛਾਣ ਸੰਭਵ ਹੋ ਸਕੀ। ਪੁਲਿਸ ਇਸ ਵੇਲੇ ਪੂਰੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਵਾਂ ਵਿੱਚੋਂ ਗੋਲੀ ਕਿਸਨੇ ਚਲਾਈ ਅਤੇ ਉਹ ਕਿਹੜਾ ਵਿਵਾਦ ਸੀ, ਜਿਸ ਕਾਰਨ ਇਹ ਖ਼ੂਨੀ ਖੇਡ ਖੇਡੀ ਗਈ।

Dailyhunt
Disclaimer: This content has not been generated, created or edited by Dailyhunt. Publisher: Scroll Punjab