Dailyhunt
ਰੋਜ਼ਾਨਾ 1100 ਤੋਂ ਵੱਧ ਬਜ਼ੁਰਗਾਂ ਵਲੋਂ ਤੀਰਥ ਅਸਥਾਨਾਂ ਦੀ ਯਾਤਰਾ ਸਦਕਾ ਮਾਨ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੂਰੇ ਸਫ਼ਲ ਲੋਕ-ਪੱਖੀ ਉਪਰਾਲਿਆਂ ਵਿਚ ਸ਼ੁਮਾਰ

ਰੋਜ਼ਾਨਾ 1100 ਤੋਂ ਵੱਧ ਬਜ਼ੁਰਗਾਂ ਵਲੋਂ ਤੀਰਥ ਅਸਥਾਨਾਂ ਦੀ ਯਾਤਰਾ ਸਦਕਾ ਮਾਨ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੂਰੇ ਸਫ਼ਲ ਲੋਕ-ਪੱਖੀ ਉਪਰਾਲਿਆਂ ਵਿਚ ਸ਼ੁਮਾਰ

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਹੁਣ ਪੂਰੇ ਪੰਜਾਬ ਵਿੱਚ ਇੱਕ ਬਹੁਤ ਵੱਡੀ ਲਹਿਰ ਬਣ ਚੁੱਕੀ ਹੈ, ਜਿਸ ਤਹਿਤ ਰੋਜ਼ਾਨਾ 1,100 ਤੋਂ ਵੱਧ ਬਜ਼ੁਰਗ ਬਹੁਤ ਹੀ ਆਰਾਮਦਾਇਕ ਅਤੇ ਚੰਗੀ ਤਰ੍ਹਾਂ ਵਿਉਂਤਬੱਧ ਯਾਤਰਾਵਾਂ ਰਾਹੀਂ ਪਾਵਨ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ।

ਲੋਕ ਭਲਾਈ ਦੀ ਭਾਵਨਾ ਨੂੰ ਪ੍ਰਗਟਾਉਂਦੀ ਇਹ ਪਹਿਲਕਦਮੀ, ਭਗਵੰਤ ਮਾਨ ਸਰਕਾਰ ਦੀ ਆਪਣੇ ਲੋਕਾਂ ਪ੍ਰਤੀ ਸੁਹਿਰਦਤਾ ਅਤੇ ਉਨ੍ਹਾਂ ਲਈ ਸੇਵਾ-ਭਾਵਨਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਕਾਮਯਾਬੀ ਪਿੱਛੇ ਸੁਚੱਜੀ ਵਿਉਂਤਬੰਦੀ ਅਤੇ ਪੂਰੇ ਤਾਲਮੇਲ ਨਾਲ ਕੀਤੇ ਪੁਖ਼ਤਾ ਪ੍ਰਬੰਧਾਂ ਦੀ ਵੱਡੀ ਭੂਮਿਕਾ ਹੈ। ਇਹ ਤੀਰਥ ਯਾਤਰਾ ਬਿਨਾਂ ਕਿਸੇ ਦਿੱਕਤ ਤੋਂ ਬੇਹੱਦ ਆਰਾਮਦਾਇਕ ਢੰਗ ਨਾਲ ਕਰਵਾਈ ਜਾਣ ਸਦਕਾ ਸ਼ਰਧਾਲੂਆਂ ਲਈ ਇੱਕ ਬੇਮਿਸਾਲ ਤੇ ਮੁੱਲਵਾਨ ਤਜਰਬਾ ਸਾਬਤ ਹੋ ਰਹੀ ਹੈ। ਸੂਬੇ ਭਰ ਵਿੱਚ 95 ਆਲੀਸ਼ਾਨ ਏਅਰ-ਕੰਡੀਸ਼ਨਡ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿਨ੍ਹਾਂ ਰਾਹੀਂ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਲਈ ਲੈ ਕੇ ਜਾਇਆ ਜਾਂਦਾ ਹੈ। ਇਹ ਬੱਸਾਂ ਸ਼ਰਧਾਲੂਆਂ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚੋਂ ਉਨ੍ਹਾਂ ਦੇ ਘਰਾਂ ਦੇ ਬੂਹਿਆਂ ਤੋਂ ਲੈ ਕੇ ਜਾਂਦੀਆਂ ਹਨ ਅਤੇ ਪਾਵਨ ਧਾਰਮਿਕ ਅਸਥਾਨਾਂ ਤੇ ਇਤਿਹਾਸਕ ਥਾਵਾਂ ਤੱਕ ਪਹੁੰਚਾਉਂਦੀਆਂ ਹਨ।


ਯਾਤਰੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਕਈ ਧਾਰਮਿਕ ਅਤੇ ਵਿਰਾਸਤੀ ਅਸਥਾਨਾਂ ਦੀ ਯਾਤਰਾ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਇਲਾਕੇ ਵਿਚੋਂ ਚੱਲਣ ਵਾਲੀਆਂ ਬੱਸਾਂ ਸ਼ਰਧਾਲੂਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਨੇੜਲੇ ਧਾਰਮਿਕ ਅਸਥਾਨਾਂ ਦੇ ਨਾਲ-ਨਾਲ 'ਵਿਰਾਸਤ-ਏ-ਖ਼ਾਲਸਾ' ਮਿਊਜ਼ੀਅਮ ਵੀ ਲੈ ਕੇ ਜਾਂਦੀਆਂ ਹਨ। ਇਹ ਸਫ਼ਰ ਸ਼ਰਧਾਲੂਆਂ ਲਈ ਰੂਹਾਨੀਅਤ ਅਤੇ ਇਤਿਹਾਸ ਦਾ ਇੱਕ ਅਨੋਖਾ ਸੁਮੇਲ ਹੈ।


ਇਸ ਸਕੀਮ ਦਾ ਇੱਕ ਖ਼ਾਸ ਪਹਿਲੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਤ ਕੀਤਾ ਗਿਆ 'ਟੈਂਟ ਸਿਟੀ' ਹੈ, ਜਿੱਥੇ 700 ਯਾਤਰੀਆਂ ਦੇ ਠਹਿਰਨ ਦਾ ਸ਼ਾਨਦਾਰ ਪ੍ਰਬੰਧ ਹੈ। ਬਜ਼ੁਰਗਾਂ ਦੇ ਮਾਣ-ਸਨਮਾਨ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਵਿਉਂਤੇ ਗਏ ਇਸ ਟੈਂਟ ਸਿਟੀ ਵਿੱਚ ਹਰ ਸਹੂਲਤ ਮੌਜੂਦ ਹੈ। ਹਰ ਟੈਂਟ ਦੇ ਨਾਲ ਗ਼ੁਸਲਖਾਨੇ ਦਾ ਇੰਤਜ਼ਾਮ ਹੈ, ਜਦਕਿ ਕੀਰਤਨ ਅਤੇ ਪਾਠ-ਪੂਜਾ ਲਈ ਖ਼ਾਸ ਥਾਵਾਂ ਬਣਾਈਆਂ ਗਈਆਂ ਹਨ, ਜੋ ਮਾਹੌਲ ਨੂੰ ਪੂਰੀ ਤਰ੍ਹਾਂ ਸ਼ਾਂਤ ਤੇ ਰੂਹਾਨੀ ਬਣਾਉਂਦੀਆਂ ਹਨ। ਭੋਜਨ-ਪਾਣੀ ਲਈ ਇੱਕ ਸਾਂਝਾ ਡਾਇਨਿੰਗ ਹਾਲ ਹੈ ਅਤੇ ਗਰਮੀ ਤੋਂ ਬਚਾਅ ਲਈ ਇਹ ਪੂਰਾ ਟੈਂਟ ਸਿਟੀ ਏਅਰ-ਕੰਡੀਸ਼ਨਡ ਹੈ।


ਉਨ੍ਹਾਂ ਦੱਸਿਆ ਕਿ ਸਫ਼ਰ ਦੌਰਾਨ ਯਾਤਰੀਆਂ ਨੂੰ ਪੀਣ ਲਈ ਸਾਫ਼ ਪਾਣੀ ਅਤੇ ਹਲਕਾ ਨਾਸ਼ਤਾ ਪਰੋਸਿਆ ਜਾਂਦਾ ਹੈ। ਸਵੇਰ ਦੇ ਚਾਹ-ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਅਤੇ ਰਿਹਾਇਸ਼ ਤੱਕ, ਸਾਰੀਆਂ ਸਹੂਲਤਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਮਾਲੀ ਸਾਧਨਾਂ ਦੀ ਕਮੀ ਕਿਸੇ ਸ਼ਰਧਾਲੂ ਦੀ ਸ਼ਰਧਾ ਪੂਰਤੀ ਤੇ ਇਬਾਦਤ ਵਿੱਚ ਰੁਕਾਵਟ ਨਾ ਬਣੇ।


ਮਾਲ ਮੰਤਰੀ ਨੇ ਦੱਸਿਆ ਕਿ ਇਸ ਤਜਰਬੇ ਨੂੰ ਹੋਰ ਵੀ ਸੁਖਦਾਈ ਤੇ ਯਾਦਗਾਰੀ ਬਣਾਉਣ ਲਈ ਭਗਵੰਤ ਮਾਨ ਸਰਕਾਰ ਨੇ ਲਗਭਗ 900 ਸਮਰਪਿਤ ਵਲੰਟੀਅਰ ਤੈਨਾਤ ਕੀਤੇ ਹਨ, ਜੋ ਪੂਰੀ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਮਦਦ ਕਰਦੇ ਹਨ। ਰਹਿਨੁਮਾਈ ਤੋਂ ਲੈ ਕੇ ਪਲ-ਪਲ ਸ਼ਰਧਾਲੂਆਂ ਦੀ ਮਦਦ ਕਰਨ ਵਾਲਾ ਇਹ ਅਮਲਾ ਹਰ ਮੁਸਾਫ਼ਿਰ ਦੀ ਪੂਰੀ ਇੱਜ਼ਤ ਅਤੇ ਖ਼ਾਸ ਤਵੱਜੋ ਨਾਲ ਦੇਖਭਾਲ ਕਰਦਾ ਹੈ।


ਉਨ੍ਹਾਂ ਦੱਸਿਆ ਕਿ ਬਿਨਾਂ ਕਿਸੇ ਅੜਿਕੇ ਦੇ ਇਸ ਸਕੀਮ ਦਾ ਇੰਨੇ ਸੁਚੱਜੇ ਢੰਗ ਨਾਲ ਚੱਲਣਾ ਸਰਕਾਰ ਦੀ ਦੂਰਅੰਦੇਸ਼ ਸੋਚ, ਸੁਚੱਜੀ ਵਿਉਂਤਬੰਦੀ ਅਤੇ ਮਜ਼ਬੂਤ ਪ੍ਰਬੰਧਕੀ ਢਾਂਚੇ ਦਾ ਸਬੂਤ ਹੈ। ਸੂਬੇ ਭਰ ਦੇ ਸ਼ਰਧਾਲੂ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ ਅਤੇ ਪਾਵਨ ਅਸਥਾਨਾਂ ਦੇ ਦਰਸ਼ਨਾਂ ਦੀ ਆਪਣੀ ਪੁਰਾਣੀ ਖ਼ਾਹਿਸ਼ ਪੂਰੀ ਹੋਣ 'ਤੇ ਸ਼ੁਕਰਾਨਾ ਵੀ ਅਦਾ ਕਰ ਰਹੇ ਹਨ।


ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸੇਵਾ-ਭਾਵਨਾ ਦੀ ਇੱਕ ਵੱਡੀ ਮਿਸਾਲ ਹੈ, ਜੋ ਪੰਜਾਬ ਦੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਵਿਸ਼ਵਾਸ਼, ਸ਼ਾਨ ਅਤੇ ਸਕੂਨ ਲੈ ਕੇ ਆਈ ਹੈ।

Dailyhunt
Disclaimer: This content has not been generated, created or edited by Dailyhunt. Publisher: True Scoop Punjabi