ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਤਲ ਸਮੇਤ ਗੰਭੀਰ ਦੋਸ਼ ਤੈਅ
2024 'ਚ ਹੋਈ ਸੀ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌ*ਤ
ਬਠਿੰਡਾ: ਬਠਿੰਡਾ ਦੇ ਚਰਚਿਤ ਕਥਿਤ ਹਿਰਾਸਤੀ ਮੌਤ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਇੱਕ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਪੰਜਾਬ ਪੁਲਿਸ ਦੇ ਪੰਜ ਮੁਲਾਜ਼ਮਾਂ ਖ਼ਿਲਾਫ਼ ਕਥਿਤ ਕਤਲ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕਰ ਦਿੱਤੇ ਹਨ।
ਹੁਣ ਇਸ ਮਾਮਲੇ ਦੀ ਨਿਯਮਿਤ ਸੁਣਵਾਈ ਸ਼ੁਰੂ ਹੋਵੇਗੀ ਅਤੇ ਅਦਾਲਤ ਵਿੱਚ ਗਵਾਹਾਂ ਅਤੇ ਸਬੂਤਾਂ ਦੇ ਆਧਾਰ 'ਤੇ ਕੇਸ ਦੀ ਸੁਣਵਾਈ ਅੱਗੇ ਵਧੇਗੀ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਲਵਿੰਦਰ ਕੁਮਾਰ ਦੀ ਅਦਾਲਤ ਨੇ ਉਸ ਸਮੇਂ ਦੇ ਸੀਆਈਏ-1 ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ, ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਅਤੇ ਕਾਂਸਟੇਬਲ ਗਗਨਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਖ਼ਿਲਾਫ਼ ਕਤਲ, ਸਬੂਤ ਨਸ਼ਟ ਕਰਨ, ਦੋਸ਼ੀਆਂ ਨੂੰ ਬਚਾਉਣ ਲਈ ਗਲਤ ਜਾਣਕਾਰੀ ਦੇਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਵਰਗੇ ਗੰਭੀਰ ਦੋਸ਼ ਤੈਅ ਕੀਤੇ ਹਨ।
ਇਹ ਮਾਮਲਾ ਅਕਤੂਬਰ 2024 ਵਿੱਚ ਬਠਿੰਡਾ ਦੇ ਪਿੰਡ ਲੱਖੀ ਜੰਗਲ ਦੇ ਰਹਿਣ ਵਾਲੇ ਭਿੰਦਰ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਪੁਲਿਸ ਦਾ ਕਹਿਣਾ ਸੀ ਕਿ ਭਿੰਦਰ ਸਿੰਘ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਸੀ। ਪੁਲਿਸ ਮੁਤਾਬਕ ਜਦੋਂ ਉਸ ਨੂੰ ਕਾਬੂ ਕਰਨ ਲਈ ਟੀਮ ਪਹੁੰਚੀ ਤਾਂ ਉਹ ਪੁਲਿਸ ਨੂੰ ਦੇਖ ਕੇ ਸ਼ਹਿਰ ਦੇ ਬਾਹਰ ਸਥਿਤ ਬੰਦ ਪਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਝੀਲ ਵਿੱਚ ਛਾਲ ਮਾਰ ਗਿਆ।
ਪੁਲਿਸ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਭਿੰਦਰ ਸਿੰਘ ਨੂੰ ਤੁਰੰਤ ਝੀਲ ਵਿੱਚੋਂ ਬਾਹਰ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੀ ਇਸ ਕਹਾਣੀ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਭਿੰਦਰ ਸਿੰਘ ਦੇ ਭਰਾ ਸਤਨਾਮ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਨੂੰ ਪੁਲਿਸ ਨੇ ਪਹਿਲਾਂ ਹੀ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖਿਆ ਹੋਇਆ ਸੀ। ਉਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਭਿੰਦਰ ਸਿੰਘ ਨਾਲ ਸਰੀਰਕ ਤਸ਼ੱਦਦ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਮੌਤ ਨੂੰ ਹਾਦਸਾ ਦਿਖਾਉਣ ਲਈ ਇੱਕ ਵੱਖਰੀ ਕਹਾਣੀ ਬਣਾਈ ਗਈ।
ਮਾਮਲਾ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਸਾਰੇ ਰਿਕਾਰਡ, ਦਸਤਾਵੇਜ਼ਾਂ ਅਤੇ ਜਾਂਚ ਸਮੱਗਰੀ ਦੀ ਪੜਤਾਲ ਕੀਤੀ ਗਈ। ਇਸ ਤੋਂ ਬਾਅਦ ਅਦਾਲਤ ਨੇ ਇਹ ਮੰਨਿਆ ਕਿ ਮਾਮਲੇ ਦੀ ਸੁਣਵਾਈ ਲਈ ਲੋੜੀਂਦੇ ਆਧਾਰ ਮੌਜੂਦ ਹਨ ਅਤੇ ਪੰਜਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗੰਭੀਰ ਦੋਸ਼ ਤੈਅ ਕਰ ਦਿੱਤੇ।
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਦੋਸ਼ ਤੈਅ ਹੋਣ ਦਾ ਮਤਲਬ ਇਹ ਨਹੀਂ ਕਿ ਮੁਲਜ਼ਮ ਦੋਸ਼ੀ ਸਾਬਤ ਹੋ ਗਏ ਹਨ। ਹੁਣ ਅਗਲੇ ਪੜਾਅ ਵਿੱਚ ਸਰਕਾਰੀ ਪੱਖ ਆਪਣੇ ਗਵਾਹ ਅਤੇ ਸਬੂਤ ਅਦਾਲਤ ਅੱਗੇ ਪੇਸ਼ ਕਰੇਗਾ, ਜਦਕਿ ਬਚਾਅ ਪੱਖ ਨੂੰ ਵੀ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਮਿਲੇਗਾ। ਅੰਤਿਮ ਫ਼ੈਸਲਾ ਸਾਰੇ ਸਬੂਤਾਂ ਅਤੇ ਦਲੀਲਾਂ ਦੇ ਆਧਾਰ 'ਤੇ ਹੀ ਸੁਣਾਇਆ ਜਾਵੇਗਾ।
ਇਸ ਮਾਮਲੇ ਦੀ ਨਿਯਮਿਤ ਸੁਣਵਾਈ 27 ਨਵੰਬਰ ਤੋਂ ਸ਼ੁਰੂ ਹੋਵੇਗੀ। ਉਸ ਦਿਨ ਸਰਕਾਰੀ ਪੱਖ ਆਪਣੇ ਗਵਾਹਾਂ ਅਤੇ ਹੋਰ ਸਬੂਤਾਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸ਼ੁਰੂ ਕਰੇਗਾ।
ਇਹ ਮਾਮਲਾ ਪੰਜਾਬ ਵਿੱਚ ਕਥਿਤ ਹਿਰਾਸਤੀ ਮੌਤਾਂ ਅਤੇ ਪੁਲਿਸ ਦੀ ਜਵਾਬਦੇਹੀ ਨਾਲ ਜੁੜੇ ਸਭ ਤੋਂ ਅਹਿਮ ਮਾਮਲਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਕਾਰਨ ਕਾਨੂੰਨੀ ਮਾਹਿਰਾਂ, ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਅਤੇ ਆਮ ਲੋਕਾਂ ਦੀ ਵੀ ਇਸ ਕੇਸ ਉੱਤੇ ਨਜ਼ਰ ਟਿਕੀ ਹੋਈ ਹੈ। ਹੁਣ ਸਭ ਦੀ ਨਜ਼ਰ ਆਉਣ ਵਾਲੀ ਸੁਣਵਾਈ ਅਤੇ ਅਦਾਲਤੀ ਕਾਰਵਾਈ ਉੱਤੇ ਰਹੇਗੀ।
ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਤਲ ਸਮੇਤ ਗੰਭੀਰ ਦੋਸ਼ ਤੈਅ
ਬਠਿੰਡਾ: ਬਠਿੰਡਾ ਦੇ ਚਰਚਿਤ ਕਥਿਤ ਹਿਰਾਸਤੀ ਮੌਤ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਇੱਕ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਪੰਜਾਬ ਪੁਲਿਸ ਦੇ ਪੰਜ ਮੁਲਾਜ਼ਮਾਂ ਖ਼ਿਲਾਫ਼ ਕਥਿਤ ਕਤਲ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕਰ ਦਿੱਤੇ ਹਨ। ਹੁਣ ਇਸ ਮਾਮਲੇ ਦੀ ਨਿਯਮਿਤ ਸੁਣਵਾਈ ਸ਼ੁਰੂ ਹੋਵੇਗੀ ਅਤੇ ਅਦਾਲਤ ਵਿੱਚ ਗਵਾਹਾਂ ਅਤੇ ਸਬੂਤਾਂ ਦੇ ਆਧਾਰ 'ਤੇ ਕੇਸ ਦੀ ਸੁਣਵਾਈ ਅੱਗੇ ਵਧੇਗੀ।

