ਸਰੀ, 11 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦਾ ਵਾਸੀ 23 ਸਾਲਾ ਪੰਜਾਬੀ ਨੌਜਵਾਨ ਰਤਨਜੋਤ ਸਿੱਧੂ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਸਰੀ ਆਰਸੀਐਮਪੀ ਵੱਲੋਂ ਕੀਤੀ ਜਾ ਰਹੀ ਹੈ। ਰਤਨਜੋਤ ਦਾ ਪਰਿਵਾਰ ਉਸ ਦੀ ਸਿਹਤਯਾਬੀ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹੈ। ਸਰੀ ਆਰਸੀਐਮਪੀ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਰਤਨਜੋਤ ਸਿੱਧੂ ਨੂੰ ਆਖਰੀ ਵਾਰ 8 ਫਰਵਰੀ ਨੂੰ ਦੁਪਹਿਰ ਲਗਭਗ ਸਾਢੇ 11 ਵਜੇ ਸਰੀ ਦੇ 184ਵੀਂ ਸਟਰੀਟ ਦੇ 6600 ਬਲਾਕ ਵਿੱਚ ਦੇਖਿਆ ਗਿਆ ਸੀ। ਉਹ ਇੱਕ ਪੰਜਾਬੀ ਮੂਲ ਦਾ ਨੌਜਵਾਨ ਹੈ, ਜਿਸ ਦੀ ਲੰਬਾਈ 5 ਫੁੱਟ 9 ਇੰਚ (175 ਸੈਂਟੀਮੀਟਰ) ਅਤੇ ਭਾਰ ਲਗਭਗ 70 ਕਿੱਲੋ ਹੈ। ਭੂਰੀਆਂ ਅੱਖਾਂ ਅਤੇ ਦਰਮਿਆਨੇ ਕੱਦ ਦਾ ਮਾਲਕ ਇਹ ਨੌਜਵਾਨ ਜਦੋਂ ਲਾਪਤਾ ਹੋਇਆ ਉਸ ਵੇਲੇ ਇਸ ਨੇ ਕਾਲੇ ਰੰਗ ਦੀ ਦਸਤਾਰ ਸਜਾਈ ਹੋਈ ਸੀ ਅਤੇ ਕਾਲੀ ਪੈਂਟ ਤੇ ਜਾਕਟ ਤੇ ਕਾਲੇ-ਸੰਤਰੀ ਰੰਗ ਦੇ ਜੁੱਤੇ ਪਾਏ ਹੋਏ ਸਨ।